ਸਿਰਲੇਖ: ਸਾਕਾ ਚਮਕੌਰ – ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ
ਬਹੁਤ ਪੁਰਾਣੀ ਗੱਲ ਹੈ।
ਪਵਿੱਤਰ ਨਗਰ ਆਨੰਦਪੁਰ ਸਾਹਿਬ ਵਿੱਚ
ਇੱਕ ਐਹੋ ਜਿਹਾ ਪਰਵਾਰ ਵੱਸਦਾ ਸੀ
ਜੋ ਸਾਰੀ ਦੁਨੀਆ ਤੋਂ ਨਿਰਾਲਾ ਸੀ।
ਇੱਕ ਅਜੇਹੇ ਪਿਤਾ -
ਜੋ ਸੰਤ ਵੀ ਸਨ,
ਜੋ ਮਹਾਨ ਯੋਧਾ ਵੀ ਸਨ,
ਅਤੇ ਜੋ ਰੱਬੀ ਬਾਣੀ ਦੇ ਮਹਾਨ ਕਵੀ ਵੀ ਸਨ -
ਦਸ਼ਮੇਸ਼ ਪਿਤਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ।
ਅਤੇ ਉਨ੍ਹਾਂ ਦੇ ਚਾਰ ਸਪੁੱਤਰ:
ਬਾਬਾ ਅਜੀਤ ਸਿੰਘ ਜੀ,
ਬਾਬਾ ਜੁਝਾਰ ਸਿੰਘ ਜੀ,
ਬਾਬਾ ਜ਼ੋਰਾਵਰ ਸਿੰਘ ਜੀ,
ਅਤੇ ਬਾਬਾ ਫਤਿਹ ਸਿੰਘ ਜੀ।
ਇਨ੍ਹਾਂ ਵਿੱਚੋਂ ਵੱਡੇ ਦੋ ਸਾਹਿਬਜ਼ਾਦੇ ਅਜਿਹੀ ਅਟੱਲ ਸੂਰਬੀਰਤਾ ਵਿਖਾਉਣਗੇ
ਜਿਸ ਦੀ ਰੌਸ਼ਨੀ ਅੰਧੇਰੇ ਤੋਂ ਅੰਧੇਰੀ ਰਾਤ ਨੂੰ ਵੀ ਚਮਕਾ ਦੇਵੇਗੀ।
ਆਨੰਦਪੁਰ ਦੇ ਨੌਜਵਾਨ ਸੂਰਮੇ
ਬਾਬਾ ਅਜੀਤ ਸਿੰਘ ਜੀ ਨੇ ਕਿਹਾ,
“ਜੁਝਾਰ ਸਿੰਘ, ਆਪਣੀ ਢਾਲ ਮਜ਼ਬੂਤ ਰੱਖੋ।
ਜੰਗ ਸਿਰਫ਼ ਦੁਸ਼ਮਣ ਨੂੰ ਹਰਾਉਣ ਲਈ ਨਹੀਂ ਹੁੰਦੀ,
ਜੰਗ ਆਪਣੇ ਆਪ ਨੂੰ ਅਤੇ ਹੋਰਾਂ ਦੀ ਰੱਖਿਆ ਕਰਨ ਲਈ ਹੁੰਦੀ ਹੈ।”
ਬਾਬਾ ਜੁਝਾਰ ਸਿੰਘ ਜੀ ਨੇ ਮੁਸਕਰਾ ਕੇ ਕਿਹਾ,
“ਵੀਰ ਜੀ, ਮੈਨੂੰ ਤਾਂ ਲੱਗਦਾ ਹੈ
ਮੈਂ ਦੁਸ਼ਮਣ ਦੀ ਤਲਵਾਰ ਵੀ ਆਪਣੇ ਹੱਥਾਂ ਨਾਲ ਫੜ ਸਕਦਾ ਹਾਂ!”
ਬਾਬਾ ਅਜੀਤ ਸਿੰਘ ਜੀ ਨੇ ਮਾਣ ਨਾਲ ਕਿਹਾ,
“ਸ਼ਾਬਾਸ਼, ਜੁਝਾਰ ਸਿੰਘ!
ਇਹ ਹੈ ਬਹਾਦਰੀ।
ਪਰ ਯਾਦ ਰੱਖੋ -
ਖਾਲਸੇ ਦੀ ਕਿਰਪਾਨ ਕਿਰਪਾ ਲਈ ਹੁੰਦੀ ਹੈ,
ਨਿਰਦੋਸ਼ਾਂ ਦੀ ਰੱਖਿਆ ਲਈ।
ਅਸੀਂ ਕਿਰਪਾਨ ਕਦੇ ਜ਼ੁਲਮ ਲਈ ਨਹੀਂ,
ਸਗੋਂ ਸੱਚ ਅਤੇ ਧਰਮ ਦੀ ਰੱਖਿਆ ਲਈ ਉਠਾਂਦੇ ਹਾਂ।”
ਛੋਟੀ ਉਮਰ ਤੋਂ ਹੀ ਸਾਹਿਬਜ਼ਾਦਿਆਂ ਨੇ
ਸਿਮਰਨ, ਸੇਵਾ, ਅਤੇ ਸ਼ਸਤਰ ਵਿੱਦਿਆ ਸਿੱਖੀ।
ਰਾਤ ਨੂੰ, ਜਦੋਂ ਅਸਮਾਨ ਵਿੱਚ ਤਾਰੇ ਚਮਕਦੇ,
ਗੁਰੂ ਪਿਤਾ ਜੀ ਆਪਣੇ ਸਪੁੱਤਰਾਂ ਨੂੰ ਆਪਣੇ ਨੇੜੇ ਬੁਲਾਂਦੇ
ਅਤੇ ਉਨ੍ਹਾਂ ਨੂੰ ਸਾਖੀਆਂ ਸੁਣਾਉਂਦੇ -
ਸੱਚ ਦੀਆਂ, ਦਇਆ ਦੀਆਂ,
ਅਤੇ ਚੜ੍ਹਦੀ ਕਲਾ ਦੀਆਂ।
ਆਨੰਦਪੁਰ ਸਾਹਿਬ ਦੀ ਘੇਰਾਬੰਦੀ
ਪਰ ਇਹ ਸ਼ਾਂਤੀ ਜ਼ਿਆਦਾ ਸਮਾਂ ਨਾ ਰਹੀ।
ਮੁਗ਼ਲ ਹਕੂਮਤ ਲੋਕਾਂ ਨੂੰ ਜ਼ਬਰਦਸਤੀ ਧਰਮ ਬਦਲਣ ਲਈ ਮਜਬੂਰ ਕਰ ਰਹੇ ਸਨ।
ਇਸ ਅਨਿਆਈ ਦੇ ਵਿਰੁੱਧ
ਦਸ਼ਮੇਸ਼ ਪਿਤਾ ਜੀ ਵੱਲੋਂ ਸਥਾਪਤ ਖ਼ਾਲਸਾ ਪੰਥ
ਡਟ ਕੇ ਖੜ੍ਹਾ ਹੋ ਗਿਆ।
ਵਜ਼ੀਰ ਖ਼ਾਨ ਨੇ ਪਹਾੜੀ ਰਾਜਿਆਂ ਨੂੰ ਗੁਪਤ ਸੁਨੇਹਾ ਭੇਜਿਆ,
“ਆਓ, ਸਾਰੇ ਮਿਲ ਕੇ
ਗੁਰੂ ਗੋਬਿੰਦ ਸਿੰਘ ਜੀ ਦੀ ਤਾਕਤ ਨੂੰ ਖ਼ਤਮ ਕਰੀਏ।”
ਜਲਦੀ ਹੀ ਮੁਗ਼ਲ ਅਤੇ ਪਹਾੜੀ ਫ਼ੌਜਾਂ ਨੇ
ਆਨੰਦਪੁਰ ਸਾਹਿਬ ਨੂੰ ਚਾਰੋ ਪਾਸਿਆਂ ਤੋਂ ਘੇਰ ਲਿਆ।
ਦਿਨ ਲੰਘਦੇ ਗਏ।
ਹਫ਼ਤੇ ਮਹੀਨੇ ਬਣ ਗਏ।
ਛੇ ਲੰਬੇ ਮਹੀਨੇ - ਆਨੰਦਪੁਰ ਸਾਹਿਬ ਘੇਰਾਬੰਦੀ ਹੇਠ ਰਿਹਾ।
ਮੁਗ਼ਲ ਫੌਜਾਂ ਵਿੱਚ ਬਿਮਾਰੀਆਂ ਫੈਲਣ ਲੱਗੀਆਂ।
ਉਨ੍ਹਾਂ ਦੇ ਖ਼ਜ਼ਾਨੇ ਖਾਲੀ ਹੋਣ ਲੱਗੇ।
ਕਿਲੇ ਅੰਦਰ ਹਾਲਾਤ ਵੀ ਬਹੁਤ ਕਠਨ ਸਨ।
ਖਾਣ-ਪੀਣ ਅਤੇ ਪਾਣੀ ਮੁੱਕਣ ਲੱਗਾ।
ਭੁੱਖ ਇੰਨੀ ਵਧ ਗਈ ਕਿ
ਕੁੱਝ ਸਿੰਘ ਹੌਸਲਾ ਹਾਰ ਬੈਠੇ
ਅਤੇ ਗੁਰੂ ਸਾਹਿਬ ਨੂੰ ਛੱਡ ਗਏ।
ਫਿਰ ਵਜ਼ੀਰ ਖ਼ਾਨ ਵੱਲੋਂ ਇੱਕ ਹੋਰ ਸੁਨੇਹਾ ਆਇਆ।
ਮੁਗ਼ਲਾਂ ਨੇ ਆਪਣੇ ਧਰਮ ਦੀ ਕਸਮ ਖਾਧੀ
ਅਤੇ ਪਹਾੜੀ ਰਾਜਿਆਂ ਨੇ ਗਊ ਦੀ ਸੌਂ ਖਾ ਕੇ ਕਿਹਾ -
“ਜੇ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਛੱਡ ਦੇਣ,
ਤਾਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸਿੰਘਾਂ ਨੂੰ
ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ।”
ਇੱਕ ਥੱਕਿਆ ਹੋਇਆ ਸਿੰਘ ਬੋਲਿਆ,
“ਗੁਰੂ ਜੀ, ਅਸੀਂ ਭੁੱਖੇ ਹਾਂ।
ਕੀ ਅਸੀਂ ਆਨੰਦਪੁਰ ਛੱਡ ਦੇਈਏ?”
ਗੁਰੂ ਗੋਬਿੰਦ ਸਿੰਘ ਜੀ ਨੇ ਸ਼ਾਂਤ ਸਵਰ ਵਿੱਚ ਕਿਹਾ,
“ਸਿੱਖ ਕਦੇ ਭੁੱਖ ਜਾਂ ਡਰ ਅੱਗੇ ਨਹੀਂ ਝੁਕਦਾ।
ਪਰ ਜੇ ਇਹ ਪੰਥ ਦਾ ਹੁਕਮ ਹੈ,
ਤਾਂ ਅਸੀਂ ਚੱਲਾਂਗੇ।
ਵਾਹਿਗੁਰੂ ਦੀ ਰਜ਼ਾ ਸਦਾ ਮਿੱਠੀ ਹੁੰਦੀ ਹੈ।”
ਸਰਸਾ ਨਦੀ ਅਤੇ ਵਿਛੋੜਾ
ਉਸ ਹਨੇਰੀ ਰਾਤ, ਭਾਰੀ ਮੀਂਹ ਵਿੱਚ
ਖਾਲਸਾ ਆਨੰਦਪੁਰ ਸਾਹਿਬ ਤੋਂ ਰਵਾਨਾ ਹੋਇਆ।
ਸਰਸਾ ਨਦੀ ਤੂਫ਼ਾਨ ਵਿੱਚ ਸੀ।
ਪਾਣੀ ਦੇ ਤੇਜ਼ ਸੈਲਾਬ ਵਿੱਚ
ਪਰਵਾਰ ਵਿੱਛੜ ਗਏ।
ਗੁਰੂ ਪਿਤਾ ਜੀ ਅਤੇ ਵੱਡੇ ਸਾਹਿਬਜ਼ਾਦੇ
ਚਮਕੌਰ ਸਾਹਿਬ ਦੇ ਇੱਕ ਛੋਟੇ ਕਿਲੇ ਤੱਕ ਪਹੁੰਚੇ।
ਚਮਕੌਰ ਸਾਹਿਬ ਦੀ ਜੰਗ
ਦੁਸ਼ਮਣ ਦੀ ਫੌਜ ਲੱਖਾਂ ਦੀ ਗਿਣਤੀ ਵਿੱਚ ਸੀ।
ਛੋਟੇ ਜਿਹੇ ਕਿਲੇ ਨੂੰ ਚਾਰੋ ਪਾਸਿਆਂ ਤੋਂ ਘੇਰ ਲਿਆ ਗਿਆ।
ਪਰ ਅੰਦਰ ਖੜੇ ਸਿਰਫ਼
ਬਿਆਲੀ ਸਿੰਘ
ਚਟਾਨ ਵਾਂਗ ਡਟੇ ਹੋਏ ਸਨ।
ਬਾਬਾ ਅਜੀਤ ਸਿੰਘ ਜੀ ਨੇ ਪੁੱਛਿਆ,
“ਮੁਗ਼ਲ ਫੌਜ ਦੀ ਗਿਣਤੀ ਕਿੰਨੀ ਹੋਵੇਗੀ?”
ਉੱਤਰ ਮਿਲਿਆ,
“ਲਗਭਗ ਦਸ ਲੱਖ।”
ਬਾਬਾ ਜੁਝਾਰ ਸਿੰਘ ਜੀ ਨੇ ਮੁਸਕਰਾ ਕੇ ਕਿਹਾ,
“ਦਸ ਲੱਖ ਮੁਗ਼ਲ
ਬਿਆਲੀ ਖਾਲਸਿਆਂ ਤੋਂ ਡਰ ਰਹੇ ਹਨ!”
ਬਾਬਾ ਅਜੀਤ ਸਿੰਘ ਜੀ ਨੇ ਕਿਹਾ
“ਸਵਾ ਲੱਖ ਸੇ ਏਕ ਲੜਾਊਂ!”
ਹੁਣ ਅਸੀਂ ਉਨ੍ਹਾਂ ਨੂੰ ਦਿਖਾਵਾਂਗੇ ਕਿ ਕਿਵੇਂ
ਇੱਕ ਬਹਾਦਰ ਸਿੰਘ ਸਵਾ ਲੱਖ ਮੁਗ਼ਲਾਂ ਦੇ ਬਰਾਬਰ ਹੁੰਦਾ ਹੈ।
“ਬੋਲੇ ਸੋ ਨਿਹਾਲ! ਸਤਿ ਸ੍ਰੀ ਅਕਾਲ!”
ਜੈਕਾਰੇ ਅਸਮਾਨ ਤੱਕ ਗੂੰਜ ਉਠੇ।
ਗੁਰੂ ਸਾਹਿਬ ਨੇ ਹੁਕਮ ਦਿੱਤਾ ਕਿ
ਪੰਜ ਪੰਜ ਸਿੰਘ ਬਾਰੀ ਬਾਰੀ
ਕਿਲੇ ਤੋਂ ਨਿਕਲ ਕੇ ਜੰਗ ਲੜਨ।
ਬਾਬਾ ਅਜੀਤ ਸਿੰਘ ਜੀ ਦੀ ਸ਼ਹੀਦੀ
ਤੀਜੇ ਜਥੇ ਤੋਂ ਬਾਅਦ
ਬਾਬਾ ਅਜੀਤ ਸਿੰਘ ਜੀ ਨੇ ਬੇਨਤੀ ਕੀਤੀ
ਕਿ ਉਹ ਅਗਲੇ ਜਥੇ ਦੀ ਅਗਵਾਈ ਕਰਨਾ ਚਾਹੁੰਦੇ ਹਨ।
ਉਹ ਮੱਥਾ ਟੇਕ ਕੇ ਬੋਲੇ,
“ਗੁਰੂ ਪਿਤਾ ਜੀ,
ਕਿਰਪਾ ਕਰਕੇ ਮੈਨੂੰ ਜੰਗ ਵਿੱਚ ਜਾਣ ਦੀ ਆਗਿਆ ਦਿਓ।
ਮੈਂ ਪੰਥ ਦੀ ਸੇਵਾ ਕਰਨੀ ਚਾਹੁੰਦਾ ਹਾਂ।
ਮੇਰਾ ਨਾਮ ਅਜੀਤ ਹੈ —
ਮੈਂ ਜਿੱਤਿਆ ਨਹੀਂ ਜਾਵਾਂਗਾ।
ਜੇ ਜਿੱਤਿਆ ਗਿਆ ਵੀ,
ਤਾਂ ਜੀਉਂਦਾ ਵਾਪਸ ਨਹੀਂ ਆਵਾਂਗਾ।
ਕਿਰਪਾ ਕਰਕੇ,
ਮੈਨੂੰ ਅਸੀਸ ਦਿਓ।”
ਗੁਰੂ ਪਿਤਾ ਜੀ ਨੇ ਆਪਣੇ ਸਪੁੱਤਰ ਨੂੰ
ਆਪਣੇ ਹੱਥੀਂ ਜੰਗ ਲਈ ਭੇਜ ਕੇ
ਸਾਰੀ ਦੁਨੀਆ ਨੂੰ ਦਿਖਾ ਦਿੱਤਾ
ਕਿ ਪੰਥ ਲਈ
ਆਪਣਾ ਸਭ ਕੁਝ ਨਿਛਾਵਰ ਕੀਤਾ ਜਾ ਸਕਦਾ ਹੈ।
ਬਾਬਾ ਅਜੀਤ ਸਿੰਘ ਜੀ ਨੇ ਬਹਾਦਰੀ ਨਾਲ ਜੰਗ ਲੜੀ
ਅਤੇ ਆਖ਼ਿਰਕਾਰ
ਵਾਹਿਗੁਰੂ ਦਾ ਨਾਮ ਸਿਮਰਦੇ ਹੋਏ
ਸ਼ਹੀਦੀ ਪ੍ਰਾਪਤ ਕੀਤੀ।
ਬਾਬਾ ਜੁਝਾਰ ਸਿੰਘ ਜੀ ਦੀ ਕੁਰਬਾਨੀ
ਇੱਕ ਸਿੰਘ ਨੇ ਕਿਹਾ,
“ਗੁਰੂ ਜੀ, ਹੁਣ ਸਾਰੀ ਆਸ ਬਾਬਾ ਜੁਝਾਰ ਸਿੰਘ ’ਤੇ ਹੈ।”
ਬਾਬਾ ਜੁਝਾਰ ਸਿੰਘ ਜੀ ਨੇ ਨਿਮਰਤਾ ਨਾਲ ਕਿਹਾ,
“ਗੁਰੂ ਪਿਤਾ ਜੀ,
ਮੈਂ ਵੀ ਜੰਗ ਵਿੱਚ ਜਾਣਾ ਚਾਹੁੰਦਾ ਹਾਂ।”
ਗੁਰੂ ਸਾਹਿਬ ਨੇ ਤਲਵਾਰ ਬਖ਼ਸ਼ੀ
ਅਤੇ ਮੇਹਰ ਕੀਤੀ।
ਬਾਬਾ ਜੁਝਾਰ ਸਿੰਘ ਜੀ
ਵਾਹਿਗੁਰੂ ਦਾ ਨਾਮ ਜਪਦੇ ਹੋਏ
ਜੰਗ ਵਿੱਚ ਉਤਰ ਗਏ
ਅਤੇ ਆਪਣੇ ਵੱਡੇ ਵੀਰ ਨਾਲ
ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਮਿਲੇ।
ਸਦੀਵੀ ਸੰਦੇਸ਼
ਵੱਡੇ ਸਾਹਿਬਜ਼ਾਦਿਆਂ ਦੀ ਕਥਾ
ਸਿਰਫ਼ ਜੰਗ ਦੀ ਕਹਾਣੀ ਨਹੀਂ।
ਇਹ ਸੱਚ, ਵਿਸ਼ਵਾਸ,
ਅਤੇ ਮਨੁੱਖਤਾ ਨਾਲ ਪਿਆਰ ਦੀ ਸਾਖੀ ਹੈ।
ਉਨ੍ਹਾਂ ਸਿਖਾਇਆ ਕਿ
ਅੰਧੇਰੇ ਵਿੱਚ ਵੀ
ਨਾਮ ਦੀ ਰੌਸ਼ਨੀ ਨਾਲ
ਚੜ੍ਹਦੀ ਕਲਾ ਵਿੱਚ ਜੀਵਨ ਜੀਆ ਜਾ ਸਕਦਾ ਹੈ।
ਅੱਜ ਵੀ ਚਮਕੌਰ ਸਾਹਿਬ
ਉਨ੍ਹਾਂ ਦੀ ਸ਼ਹੀਦੀ ਦੀ ਗਵਾਹੀ ਦਿੰਦਾ ਹੈ।
