ਗੁਰੂ ਲਾਧੋ ਰੇ! - ਸਾਖੀ ਭਾਈ ਮੱਖਣ ਸ਼ਾਹ ਲੁਬਾਣਾ ਅਤੇ ਗੁਰੂ ਤੇਗ ਬਹਾਦਰ ਸਾਹਿਬ | Must Watch #SikhNetStories

8:50 minutes (16.16 MB)
Download, print and color these drawings: 

ਸਿਰਲੇਖ: ਗੁਰੂ ਲਾਧੋ ਰੇ! ਭਾਈ ਮੱਖਣ ਸ਼ਾਹ ਲੁਬਾਣਾ ਅਤੇ ਗੁਰੂ ਤੇਗ ਬਹਾਦਰ ਜੀ ਦੀ ਸਾਖੀ

ਬਾਲ ਗੁਰੂ ਦੇ ਆਖਰੀ ਸ਼ਬਦ

ਦਿੱਲੀ ਦਾ ਉਹ ਪਲ ਬਹੁਤ ਹੀ ਸ਼ਾਂਤ ਸੀ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ – ਬਾਲ ਗੁਰੂ – ਕਈ ਦਿਨਾਂ ਤੋਂ ਸੇਵਾ ਕਰਦੇ ਹੋਏ ਖ਼ੁਦ ਬਿਮਾਰ ਹੋ ਗਏ ਸਨ। ਉਹ ਬਿਮਾਰਾਂ ਦੇ ਦੁੱਖ ਦਰਦ ਵਿਚ ਸੰਗਤ ਦਾ ਸਾਥ ਨਿਭਾਉਂਦੇ ਰਹੇ। ਸਿੱਖ ਸੰਗਤ ਉਨ੍ਹਾਂ ਦੇ ਚਾਰਾਂ ਪਾਸੇ ਇਕੱਠੀ ਹੋਈ ਸੀ। ਹਰ ਦਿਲ ਵਿੱਚ ਚਿੰਤਾ ਸੀ।

ਦਿਵਾਨ ਦੁਰਗਾ ਮੱਲ ਹੱਥ ਜੋੜ ਕੇ ਬੇਨਤੀ ਕਰਦੇ ਹਨ:

 “ਸੱਚੇ ਪਾਤਸ਼ਾਹ… ਤੁਹਾਡੇ ਬਾਅਦ ਸੰਗਤ ਦੀ ਸੇਵਾ ਦਾ ਸੰਭਾਲਾ ਕੌਣ ਲਵੇਗਾ?”

ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਬੋਲੀ ਹੁਣ ਕਮਜ਼ੋਰ ਸੀ। ਪਰ ਬਹੁਤ ਜਤਨ ਨਾਲ ਗੁਰੂ ਜੀ ਨੇ ਅਸਲੀ ਗੁਰਮਤ ਦਾ ਪਵਿੱਤਰ ਇਸ਼ਾਰਾ ਕੀਤਾ।
ਗੁਰੂ ਜੀ ਨੇ ਕੇਵਲ ਇਤਨਾ ਕਿਹਾ:

“ਬਾਬਾ ਬਕਾਲੇ…”

ਇਹ ਉਹ ਪਵਿੱਤਰ ਸੰਕੇਤ ਸੀ ਕਿ ਹੁਣ ਬਕਾਲੇ ਵਿਚ ਰਹਿਣ ਵਾਲੇ ਬਾਬਾ ਜੀ ਗੁਰਤਾ ਦੀ ਜੋਤ ਧਾਰਨ ਕਰਨਗੇ।

ਇਨ੍ਹਾਂ ਬਚਨਾਂ ਤੋਂ ਬਾਅਦ… ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾਏ।
ਪਰ ਹੁਣ ਸਾਰੀ ਸੰਗਤ ਦੇ ਚਿੱਤ ਵਿੱਚ ਇਕੋ ਹੀ ਸਵਾਲ ਸੀ - ਕਿਹੜੇ ਬਾਬਾ ਜੀ?

ਬਾਬਾ ਬਕਾਲਾ ਵਿੱਚ ਬਹੁਤ ਸਾਰੇ ਦਾਅਵੇਦਾਰ

ਜਲਦੀ ਹੀ ਖ਼ਬਰ ਫੈਲ ਗਈ ਕਿ ਅਗਲੇ ਗੁਰੂ ਬਾਬਾ ਬਕਾਲੇ ਵਿਚ ਹਨ… ਪਰ ਕੌਣ? ਬਹੁਤ ਸਾਰੇ ਲੋਕ ਬਕਾਲੇ ਪਹੁੰਚਣ ਲੱਗੇ – ਹਰ ਕੋਈ ਇਹੀ ਦਾਅਵਾ ਕਰਦਾ:

“ਮੇਰੇ ਅੰਦਰ ਗੁਰੂ ਦੀ ਜੋਤ ਹੈ!”

ਬਿਸ਼ਤਰ ਵਿਛਾਏ ਗਏ, ਮਸੰਦ ਆਪਣੇ ਚੇਲੇ ਬੁਲਾਉਣ ਲੱਗੇ…ਅਤੇ ਧੀਰ ਮੱਲ – ਜੋ ਗੁਰੂ ਪਰਿਵਾਰ ਨਾਲ ਸੰਬੰਧਿਤ ਸੀ – ਉਸਨੇ ਵੀ ਕਿਹਾ:

 “ਮੇਰੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਸਰੂਪ ਹੈ! ਜੋਤ ਮੇਰੇ ਅੰਦਰ ਹੈ!”

ਸੰਗਤ ਹੈਰਾਨ ਸੀ, ਹਰ ਕੋਈ ਆਪਣੇ ਆਪ ਨੂੰ ਗੁਰੂ ਕਹਿੰਦਾ – ਪਰ ਕਿਸੇ ਵਿੱਚ ਵੀ ਸੱਚ ਦੀ ਖੁਸ਼ਬੂ ਨਹੀਂ ਸੀ।

ਸਮੁੰਦਰ 'ਤੇ ਤੂਫਾਨ

ਦੂਰ ਸਮੁੰਦਰ ਵਿੱਚ, ਭਾਈ ਮੱਖਣ ਸ਼ਾਹ ਲੁਬਾਣਾ ਆਪਣੀ ਨਉਕਾ ਤੇ ਸਫਰ ਕਰ ਰਹੇ ਸਨ। ਉਹ ਗੁਰੂ ਜੀ ਦੇ ਸੱਚੇ ਸਿੱਖ ਸਨ।
ਅਚਾਨਕ ਇਕ ਬਹੁਤ ਤੇਜ਼ ਤੂਫ਼ਾਨ ਆ ਗਿਆ। ਹਵਾਵਾਂ ਜੋਰ ਨਾਲ ਚਲਣ ਲੱਗੀਆਂ, ਤੇ ਲਹਿਰਾਂ ਉੱਛਲਣ ਲੱਗੀਆਂ।
ਇੱਕ ਮਲਾਹ ਚੀਕਿਆ:

ਨਉਕਾ ਡੁੱਬ ਰਹੀ ਹੈ… ਹੁਣ ਸਾਨੂੰ ਕੋਈ ਨਹੀਂ ਬਚਾ ਸਕਦਾ!”

ਮੱਖਣ ਸ਼ਾਹ ਨੇ ਆਪਣੇ ਹੱਥ ਤੇ ਮੂੰਹ ਪੂੰਝੇ… ਉਹ ਸ਼ਾਂਤ ਬੈਠ ਗਏ… ਅਤੇ ਜਪੁਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ।

“ਹੇ ਵਾਹਿਗੁਰੂ… ਤੁਸੀਂ ਪਹਿਲਾਂ ਵੀ ਮੈਨੂੰ ਬਚਾਇਆ ਹੈ… ਤੁਸੀਂ ਹੁਣ ਵੀ ਬਚਾ ਸਕਦੇ ਹੋ… ਮੇਰਾ ਗੁਰੂ ਇਸ ਜਹਾਜ਼ ਨੂੰ ਕਿਨਾਰੇ ਲਾ ਸਕਦਾ ਹੈ…”

ਅਤੇ ਵਾਹਿਗੁਰੂ ਨੇ ਕਿਰਪਾ ਕੀਤੀ। ਧੀਰੇ ਧੀਰੇ ਤੂਫ਼ਾਨ ਰੁਕ ਗਿਆ, ਤੇ ਨਉਕਾ ਸੁਰੱਖਿਅਤ ਹੋ ਗਈ।
ਮੱਖਣ ਸ਼ਾਹ ਨੇ ਬਚਨ ਕੀਤਾ:

“ਜੇ ਮੇਰਾ ਗੁਰੂ ਮੈਨੂੰ ਬਚਾ ਲੈਂਦਾ ਹੈ… ਤਾਂ ਮੈਂ ੫੦੦ ਸੋਨੇ ਦੇ ਮੋਹਰ ਭੇਟ ਕਰਾਂਗਾ।”

 

ਸੱਚੇ ਗੁਰੂ ਦੀ ਖੋਜ

ਮੱਖਣ ਸ਼ਾਹ ਜੀ ਦਿੱਲੀ ਪਹੁੰਚੇ… ਉਥੇ ਸੰਗਤ ਗੰਭੀਰਤਾ ਨਾਲ ਇਕੋ ਗੱਲ ਕਰ ਰਹੀ ਸੀ:

“ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਜੋਤੀ ਜੋਤ ਸਮਾਉਂਦੇ ਸਮੇਂ ਬਚਨ ਕੀਤਾ ਸੀ ਕਿ
ਅਗਲੀ ਗੁਰਤਾ ਦੀ ਜੋਤ ਬਾਬਾ ਬਕਾਲੇ ਵਿੱਚ ਹੈ”

ਇਹ ਸੁਣ ਕੇ ਮੱਖਣ ਸ਼ਾਹ ਜੀ ਨੇ ਸਮਾਂ ਵਿਅਰਥ ਨਾ ਜਾਣ ਦਿੱਤਾ। ਉਨ੍ਹਾਂ ਨੇ ਆਪਣਾ ਪਰਿਵਾਰ – ਆਪਣੀ ਪਤਨੀ, ਆਪਣੇ ਪੁੱਤਰ ਲਾਲ ਚੰਦ ਅਤੇ ਨੰਦ ਲਾਲ – ਅਤੇ ਆਪਣੇ ਸਾਥੀਆਂ ਦਾ ਵੱਡਾ ਜੱਥਾ ਇਕੱਠਾ ਕੀਤਾ… ਅਤੇ ਸਤਿਕਾਰ ਨਾਲ ਬਾਬਾ ਬਕਾਲੇ ਵੱਲ ਰਵਾਨਾ ਹੋ ਗਏ। 

ਪਰ ਉਥੇ ਪਹੁੰਚ ਕੇ ਜੋ ਦ੍ਰਿਸ਼ ਦਿਖਿਆ…ਉਹ ਹਿਰਦੇ ਨੂੰ ਚੋਭਾ ਦੇਣ ਵਾਲਾ ਸੀ।

ਮਸੰਦ (ਸ਼ੇਖੀ ਮਾਰਦੇ):

“ਮੈਂ ਗੁਰੂ ਹਾਂ!”
“ਨਹੀਂਗੁਰਤਾ ਦੀ ਜੋਤ ਮੇਰੇ ਅੰਦਰ ਹੈ!”

ਉਨ੍ਹਾਂ ਦੀਆਂ ਆਵਾਜ਼ਾਂ ਵਿੱਚ ਸੇਵਾ ਦੀ ਨਿਮਰਤਾ ਨਹੀਂ ਸੀ…ਬਸ ਦਾਅਵਾ, ਆਪਾ-ਭਾਵ ਅਤੇ ਗਰੂਰ। ਮੱਖਣ ਸ਼ਾਹ ਜੀ ਦਾ ਦਿਲ ਬਹੁਤ ਦੁਖੀ ਹੋਇਆ। ਉਨ੍ਹਾਂ ਨੂੰ ਉਹ ਚਮਕ, ਉਹ ਨੂਰ… ਉਹ ਖੁਸ਼ਬੂ ਕਿਤੇ ਨਹੀਂ ਮਿਲੀ – ਜੋ ਸੱਚੇ ਗੁਰੂ ਦੇ ਦਰਸਨ ਵਿੱਚ ਹੁੰਦੀ ਹੈ।

ਉਹ ਹਰ ਦਾਅਵੇਦਾਰ ਕੋਲ ਗਏ ਅਤੇ ਬੜੀ ਨਿਮਰਤਾ ਨਾਲ ਪਰਖ ਕੀਤੀ: ਹਰ ਇੱਕ ਦੇ ਚਰਨਾਂ ਅੱਗੇ ਸਿਰਫ਼ ਦੋ ਸੋਨੇ ਦੇ ਸਿੱਕੇ ਰਖੇ।
ਪਰ… ਨਾ ਕਿਸੇ ਨੇ ਹੋਰ ਦੀ ਉਮੀਦ ਜਤਾਈ, ਨਾ ਕਿਸੇ ਦੇ ਚਿਹਰੇ ਤੇ ਅੰਦਰਲੀ ਜੋਤ ਦਾ ਪ੍ਰਕਾਸ਼ ਸੀ। ਨਾ ਕੋਈ ਉਹ ਰਾਜ ਜਾਣਦਾ ਸੀ ਜੋ ਮੱਖਣ ਸ਼ਾਹ ਜੀ ਆਪਣੇ ਮਨ ਵਿੱਚ ਰੱਖਦੇ ਸਨ।

ਉਨ੍ਹਾਂ ਦਾ ਮਨ ਭਾਰੀਆਂ ਸੋਚਾਂ ਨਾਲ ਭਰ ਗਿਆ: ਇੰਨੇ ਦਾਅਵੇਦਾਰ, ਇੰਨੇ ਤਖ਼ਤ, ਇੰਨਾ ਦਿਖਾਵਾ… ਪਰ ਸੱਚਾ ਗੁਰੂ – ਕਿਤੇ ਨਹੀਂ।

ਮੱਖਣ ਸ਼ਾਹ ਜੀ ਨੇ ਆਪਣੇ ਆਪ ਨਾਲ ਬੜੇ ਭਾਵ ਨਾਲ ਕਿਹਾ:

“ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਬਚਨ ਕਦੇ ਝੂਠ ਨਹੀਂ ਹੁੰਦੇ। ਸੂਰਜ ਠੰਢਾ ਹੋ ਜਾਵੇ, ਪਹਾੜ ਉੱਡ ਜਾਣ, ਪਰ ਗੁਰੂ ਦਾ ਬਚਨ ਕਦੇ ਨਹੀਂ ਖੰਡਿਤ ਹੁੰਦਾ। ਜਿਸ ਗੁਰੂ ਨੇ ਮੇਰੇ ਤੂਫ਼ਾਨ ਨੂੰ ਰੋਕਿਆ… ਉਹੀ ਗੁਰੂ ਆਪ ਮੇਰੀ ਦਸਵੰਧ ਸਵੀਕਾਰ ਕਰੇਗਾ”

ਸ਼ਾਂਤ ਸੋਢੀ

ਇੱਕ ਛੋਟੇ ਮੁੰਡੇ ਨੇ ਹੌਲੇ ਨਾਲ ਕਿਹਾ:

“ਇਥੇ ਇੱਕ ਸ਼ਾਂਤ ਸੋਢੀ ਰਹਿੰਦਾ ਹੈ। ਲੋਕ ਉਹਨੂੰ ‘ਤੇਘਾ ਕਮਲਾ’ ਕਹਿੰਦੇ ਹਨ। ਉਹ ਕਿਸੇ ਨੂੰ ਨਹੀਂ ਮਿਲਦਾ।”

ਮੱਖਣ ਸ਼ਾਹ ਜੀ ਦਾ ਦਿਲ ਤੇਜ਼ੀ ਨਾਲ ਧੜਕਣ ਲੱਗਾ। ਕੀ ਇਹੀ ਉਹ ਹਨ?

ਸ਼ਾਮ ਦੇ ਸਮੇਂ ਉਹ ਇੱਕ ਸਰਲ ਤੇ ਨਿਮਰ ਘਰ ਦੇ ਦਰਵਾਜ਼ੇ ‘ਤੇ ਪਹੁੰਚੇ। ਅੰਦਰ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਾਂਤੀ ਨਾਲ ਬੈਠੇ ਸਨ। ਅੱਖਾਂ ਮਿੱਟੀਆਂ ਹੋਈਆਂ, ਚਿਹਰੇ ‘ਤੇ ਗੂੜ੍ਹੀ ਰੌਸ਼ਨੀ।

ਮੱਖਣ ਸ਼ਾਹ ਜੀ ਨੇ ਬੜੇ ਸਤਿਕਾਰ ਨਾਲ ਦੋ ਸੋਨੇ ਦੇ ਸਿੱਕੇ ਗੁਰੂ ਜੀ ਦੇ ਚਰਨਾਂ ਅੱਗੇ ਰੱਖੇ।
ਉਹ ਉਡੀਕ ਕਰਨ ਲੱਗੇ…
ਪਰ ਗੁਰੂ ਸਾਹਿਬ ਜੀ ਨੇ ਕੁਝ ਨਹੀਂ ਕਿਹਾ।
ਫਿਰ… ਬਿਨਾਂ ਕੁਝ ਬੋਲੇ…ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਮੋਢੇ  ਤੇ ਰੱਖੀ ਚਾਦਰ ਹੌਲੇ ਨਾਲ ਹਟਾਈ। 

ਉਥੇ! ਇੱਕ ਡੂੰਘਾ ਜ਼ਖ਼ਮ – ਜਿੱਥੇ ਵੱਡਾ ਕੀਲ ਚਮੜੀ ਵਿਚ ਘੁਸਿਆ ਸੀ। ਓਹ ਹਰਾ ਪੈ ਗਿਆ ਸੀ।

ਗੁਰੂ ਸਾਹਿਬ ਜੀ ਨੇ ਨਰਮ, ਪਰ ਗੰਭੀਰ ਬਚਨ ਕੀਤੇ:

“ਮੇਰੇ ਗੁਰੂ ਨਾਨਕ ਨੇ ਤੁਹਾਡਾ ਜਹਾਜ਼ ਨਹੀਂ ਡੁੱਬਣ ਦਿੱਤਾ…ਫਿਰ ਇਹ ਲਾਲਚ ਕਿਉਂ…?”

 

ਗੁਰੂ ਲਾਧੋ ਰੇ!

ਮੱਖਣ ਸ਼ਾਹ ਜੀ ਦਾ ਦਿਲ ਖੁਸ਼ੀ ਨਾਲ ਭਰ ਗਿਆ। ਅੱਖਾਂ ਵਿੱਚੋਂ ਹੰਝੂ ਵੱਗ ਪਏ।

“ਤੁਸੀਂ ਹੀ ਸੱਚੇ ਗੁਰੂ ਹੋ…! ਗੁਰੂ ਲਾਧੋ ਰੇ! ਗੁਰੂ ਲਾਧੋ ਰੇ!”
“ਮੈਨੂੰ ਸੱਚੇ ਗੁਰੂ ਮਿਲ ਗਏ ਹਨ!”

ਮੱਖਣ ਸ਼ਾਹ ਜੀ ਛੱਤ ਉੱਤੇ ਚੜ੍ਹ ਗਏ, ਓਹਨਾ ਨੇ ਅਪਨੇ ਗਲ ਵਿੱਚ ਪਾਇਆ ਕੱਪੜਾ ਹਵਾ ਵਿਚ ਲਹਿਰਾਇਆ ਅਤੇ ਪੂਰੀ ਖੁਸ਼ੀ, ਪੂਰੇ ਵਿਸ਼ਵਾਸ ਨਾਲ ਕੇਹਾ:

“ਗੁਰੂ ਲਾਧੋ ਰੇ!”

 

ਸੱਚੇ ਗੁਰੂ ਦਾ ਪ੍ਰਕਾਸ਼

ਉਸ ਦਿਨ ਤੋਂ… ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਜੋਤ ਸਾਰੀ ਦੁਨੀਆ ਲਈ ਪਰਗਟ ਹੋ ਗਈ। ਉਹ ਅੰਮ੍ਰਿਤਸਰ, ਗੋਇੰਦਵਾਲ… ਅਤੇ ਹੋਰ ਪਵਿੱਤਰ ਥਾਵਾਂ ਵੱਲ ਯਾਤਰਾ ਕਰਦੇ ਰਹੇ – ਸੱਚ, ਨਿਮਰਤਾ ਅਤੇ ਹਿੰਮਤ ਦੀ ਸਿੱਖਿਆ ਸਾਂਝੀ ਕਰਦੇ ਹੋਏ।

ਗੁਰੂ ਸਾਹਿਬ ਨੇ ਸਾਨੂੰ ੫੯ ਸ਼ਬਦ ਅਤੇ ੫੭ ਸਲੋਕ ਬਖ਼ਸ਼ੇ – ਪਿਆਰ, ਗਿਆਨ ਅਤੇ ਉੱਚੀ ਮੱਤ ਨਾਲ ਭਰੇ ਹੋਏ।

ਆਓ ਸਦਾ ਯਾਦ ਰੱਖੀਏ…

ਜ਼ਿੰਦਗੀ ਦੀ ਨਉਕਾ ਕਈ ਵਾਰੀ ਹਿੱਲ ਜਾਂਦੀ ਹੈ…
ਪਰ ਜੇ ਸਾਡੇ ਹਿਰਦੇ ਵਿੱਚ ਨਾਮ ਹੋਵੇ…
ਅਤੇ ਗੁਰੂ ਦੀ ਕਿਰਪਾ ਸਾਥ ਹੋਵੇ…
ਤਾਂ ਨਉਕਾਹਮੇਸ਼ਾ ਕਿਨਾਰੇ ਲੱਗ ਹੀ ਜਾਂਦੀ ਹੈ।

English version of  Guru Ladho Re 

Topics:  Guru Teg Bahadur